ਸਾਡਾ ਵਾਅਦਾ
ਨਸ਼ਿਆਂ ਤੇ ਵਿਜ਼ਨ ਡਾਕੂਮੈਂਟ

ਮਸਲੇ ਦੀ ਜਾਣ ਪਛਾਣ
ਪੰਜਾਬ ਦੁਨੀਆਂ ਦੀ ਇੱਕੋ ਇੱਕ ਧਰਤੀ ਹੈ ਜਿੱਥੇ ਦੁਨੀਆਂ ਦੇ ਕਿਸੇ ਵੀ ਨਸ਼ੇ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ। ਦੁਨੀਆਂ ਦੇ ਅਨੇਕਾਂ ਧਰਮਾਂ ਵਿੱਚ ਵੱਖ ਵੱਖ ਨਸ਼ਿਆਂ ਨੂੰ ਧਾਰਮਿਕ ਮਾਨਤਾ ਹੈ, ਕਈ ਸਮਾਜ ਐਸੇ ਹਨ ਜਿਨਾਂ ਦੀਆਂ ਸਮਾਜਿਕ ਰੀਤਾਂ ਵਿੱਚ ਮੁਢ ਕਦੀਮ ਤੋਂ ਨਸ਼ੇ ਪਾਏ ਜਾਂਦੇ ਹਨ। ਇਹ ਪੰਜਾਬ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਭਾਗਾਂ ਭਰੀ ਉਹ ਜਰਖੇਜ ਜ਼ਮੀਨ ਹੈ ਜਿੱਥੋਂ ਦੇ ਬਸ਼ਿੰਦਿਆਂ ਨੂੰ ਸਿਰਫ ਨਾਮ ਬਾਣੀ ਤੇ ਸ਼ਹਾਦਤਾਂ ਦਾ ਨਸ਼ਾ ਤੇ ਸਰੂਰ ਹੁੰਦਾ ਹੈ।
ਭਾਵੇਂ ਕਿ ਨਸ਼ਾ ਕੋਈ ਵੱਖਰਾ ਰੋਗ ਨਹੀਂ, ਸਗੋਂ ਪੰਜਾਬ ਦਾ ਪਰਾਏ ਵੱਸ ਹੋਣਾ, ਇਸ ਦੀ ਖੁਦ ਮੁਖਤਿਆਰੀ ਅਤੇ ਫੈਸਲੇ ਲੈਣ ਦੀ ਤਾਕਤ ਪੰਜਾਬੀਆਂ ਦੇ ਹੱਥ ਨਾ ਹੋਣ ਕਾਰਨ ਸਮਾਜ ਵਿੱਚ ਕਈ ਅਜਿਹੀਆਂ ਬਿਮਾਰੀਆਂ ਸਾਨੂੰ ਖਤਮ ਕਰਨ ਨੂੰ ਪੈਦਾ ਕੀਤੀਆਂ ਗਈਆਂ ਹਨ। ਇਸ ਰੋਗ ਦੀ ਜੜ 1849 ਤੋਂ ਸ਼ੁਰੂ ਹੋਈ ਗੁਲਾਮੀ ਵਿੱਚ ਪਈ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਲਸੇ ਰਾਜ ਦਾ ਸੂਰਜ ਡੁੱਬਣ ਪਿੱਛੋਂ ਇਥੋਂ ਦੇ ਅੰਗਰੇਜ ਹਾਕਮਾਂ ਨੇ ਸ਼ਰਾਬ ਨੂੰ ਇਉਂ ਵਡਿਆਇਆ ਕਿ ਅੱਜ ਸਾਡੇ ਸਮਾਜ ਦੀ ਕੋਈ ਰਸਮ ਸਰਾਬ ਤੋਂ ਬਿਨਾਂ ਪੂਰੀ ਨਹੀਂ ਹੁੰਦੀ। 1947 ਤੋਂ ਬਾਅਦ ਦਿੱਲੀ ਦੇ ਦਾਬੇ ਤੇ ਪੂਰਬੀਆਂ ਦੇ ਪਰਵਾਸ ਰਾਹੀਂ ਤੰਬਾਕੂ ਵਰਗੀ ਜਗਤ ਜੂਠ ਵੀ ਇੱਥੇ ਆਮ ਹੋ ਗਈ।
ਆਪਣੇ ਫੈਸਲੇ ਆਪ ਕਰਨ ਦੇ ਹੱਕ ਲੈਣ ਲਈ ਸਿੱਖ ਹੋਮਲੈਂਡ, ਖੁਦ ਮੁਖਤਿਆਰ ਸੂਬਾ ਤੇ ਫਿਰ ਵਧੇਰੇ ਅਧਿਕਾਰਾਂ ਦੀ ਮੰਗ ਕਰਦਾ, ਧਰਮ ਯੁੱਧ ਮੋਰਚੇ ਰਾਹੀਂ ਪੰਜਾਬ ਜਦੋਂ 1978 ਤੇ ਪਹੁੰਚਿਆ ਤਾਂ ਆਪਣੀ ਹੋਂਦ ਹਸਤੀ ਨੂੰ ਬਚਾਉਣ ਦੀ ਇੱਕ ਨਵੀਂ ਜੰਗ ਪੇਸ਼ ਪੈ ਗਈ। 1984 ਤੇ ਬਾਅਦ ਦੇ ਇੱਕ ਦਹਾਕੇ ਵਿੱਚ ਸਿੱਖ ਸੂਰਮਿਆਂ ਜੁਝਾਰੂਆਂ ਤੇ ਸੰਘਰਸ਼ੀ ਯੋਧਿਆਂ ਨੇ ਇੱਕ ਜੰਗ ਲੜੀ ਤੇ ਸਟੇਟ ਨੂੰ ਮੂੰਹ ਦੀ ਖਾਣੀ ਪਈ।
1984 ਦੀ ਜੰਗ ਪਿੱਛੋਂ ਸਿੱਖੀ ਅਤੇ ਪੰਜਾਬ ਨਾਲ ਵੈਰ ਮੁੱਕ ਨਹੀਂ ਗਿਆ, ਉਹਨਾਂ ਨੇ ਸਿਰਫ ਹਥਿਆਰ ਬਦਲੇ ਹਨ।
ਅੱਜ ਜੋ ਨਸ਼ਾ ਸਾਡੀ ਨੌਜਵਾਨੀ ਦੀਆਂ ਨਾੜਾਂ ਵਿੱਚ ਟੀਕਿਆਂ ਰਾਹੀਂ ਉਤਾਰਿਆ ਜਾ ਰਿਹਾ ਹੈ ਉਹ ਜੰਗੀ ਹਥਿਆਰ ( war weapon ) ਹੈ।
1996 ਤੋਂ ਲੈ ਕੇ 2026 ਤੱਕ ਪਿਛਲੇ 30 ਸਾਲਾਂ ਵਿੱਚ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੀ ਮਿਲੀ ਭੁਗਤ ਨਾਲ ਪੰਜਾਬ ਦੇ ਬੱਚੇ ਬੱਚੇ ਨੂੰ ਨਸ਼ੇ ਵਿੱਚ ਝੋਕਣ ਦੀਆਂ ਵਿਉਤਾਂ ਗੁੰਦੀਆਂ ਗਈਆਂ ਹਨ. ਉਹ ਕੁਝ ਹੱਦ ਤੱਕ ਸਫਲ ਵੀ ਰਹੇ ਹਨ।
ਅਹਿਦ
ਅੱਜ ਅਸੀਂ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦੇ ਇਸ ਮੰਚ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਸਮੂਹ ਪੰਜਾਬੀਆਂ ਨਾਲ ਆਪਣਾ ਇਹ ਪਹਿਲਾ ਅਹਦ ਕਰਦੇ ਹਾਂ ਕਿ ਜੇ ਪੰਜਾਬ ਅਤੇ ਪੰਜਾਬੀਆਂ ਬਾਰੇ ਫੈਸਲੇ ਲੈਣ ਦੀ ਤਾਕਤ ਪੰਜਾਬੀਆਂ ਦੇ ਹੱਥ ਆਉਂਦੀ ਹੈ ਤਾਂ ਅਸੀਂ 1997 ਤੋਂ 2027 ਤੱਕ ਬਣੀਆ ਸਾਰੀਆਂ ਸਰਕਾਰਾਂ ਦੇ ਇਹਨਾਂ 30 ਸਾਲਾਂ ਵਿੱਚ ਨਸ਼ੇ ਦੇ ਪਸਾਰ, ਮਾਰੂ ਅਸਰ, ਮੌਤਾਂ, ਸਪਲਾਈ ਚੇਨ, ਸਿਆਸੀ ਨੇਤਾਵਾਂ ਦੀ ਸ਼ਮੂਲੀਅਤ, ਪੁਲਿਸ ਅਤੇ ਸਕਿਉਰਟੀ ਫੋਰਸਾਂ ਦੀ ਸਮਗਲਰਾਂ ਨਾਲ ਮਿਲੀ ਭੁਗਤ ਬਾਰੇ ਵਾਈਟ ਪੇਪਰ ਜਾਰੀ ਕਰਾਂਗੇ।
ਇਸ ਵਾਈਟ ਪੇਪਰ ਵਿੱਚ ਨਸ਼ੇ ਨਾਲ ਮਰਨ ਵਾਲੇ , ਉਹਨਾਂ ਤੇ ਆਸ਼ਰਿਤ ਪਰਿਵਾਰ, ਨਸ਼ੇ ਵੇਚਣ ਵਾਲੇ, ਨਸ਼ੇ ਦੇ ਸੌਦਾਗਰਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ, ਸਰਕਾਰੀ ਮੋਹਰੇ, ਪੁਲਿਸ ਅਤੇ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਜਾਂਚ ਰਿਪੋਰਟਾਂ ਅਤੇ ਹਰ ਤਰ੍ਹਾਂ ਦਾ ਡਾਟਾ ਜਨਤਕ ਕਰਕੇ ਦੋਸ਼ੀਆਂ ਨੂੰ ਸ਼ਰੇਆਮ ਚੌਂਕ ਚੌਰਾਹਿਆਂ ਵਿੱਚ ਨੰਗੇ ਕੀਤਾ ਜਾਵੇਗਾ। ਤਾਂ ਕਿ ਉਹਨਾਂ ਦੀਆਂ ਪੀੜੀਆਂ ਵੀ ਸ਼ਰਮਸ਼ਾਰ ਹੋਣ। ਜਿਨ੍ਹਾਂ ਨੇ ਆਪਣੇ ਬੱਚੇ ਪਤੀ ਅਤੇ ਮਾਪੇ ਗਵਾਏ ਉਹਨਾਂ ਨੂੰ ਇਨਸਾਫ ਦਵਾਇਆ ਜਾਵੇਗਾ।
ਜੋ ਨੌਜਵਾਨ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਹਨ ਉਹਨਾਂ ਦਾ ਮੁੜ ਵਸੇਬਾ ਯਕੀਨੀ ਬਣਾਇਆ ਜਾਵੇਗਾ ਤੇ ਨਸ਼ੇ ਦੇ ਰੂਪ ਵਿੱਚ ਵਰਤੇ ਜਾ ਰਹੇ ਇਸ ਜੰਗੀ ਹਥਿਆਰ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ। ਇਹ ਸਾਡਾ ਅਹਿਦ ਹੈ , ਜੇ ਅਸੀਂ ਅਹਿਦ ਪੂਰਾ ਕਰਨ ਤੋਂ ਚੁਕ ਗਏ ਤਾਂ ਤੁਹਾਡੇ ਗੁਨਾਹਗਾਰ ਹੋਵਾਂਗੇ, ਸਾਡਾ ਫੈਸਲਾ ਲੋਕਾਂ ਅਤੇ ਰੱਬ ਦੀ ਕਚਹਿਰੀ ਵਿੱਚ ਵੀ ਹੋਵੇਗਾ।
ਸਾਡਾ ਵਿਜ਼ਨ
ਸਿੱਖ ਨੌਜਵਾਨੀ ਦੀ ਰੂਹੇ-ਰਵਾਂ ਹਸਤੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਵਿਚ ਬਿਤਾਏ ਕੁਝ ਕੁ ਮਹੀਨਿਆਂ ਦੌਰਾਨ ਨੌਜਵਾਨਾਂ ਨੂੰ ਅਧਿਆਤਮਕ, ਸੱਭਿਆਚਾਰਿਕ ਤੇ ਵਿਚਾਰਧਾਰਕ ਚੇਤਨਾ ਰਾਹੀਂ ਨਸ਼ਾ ਮੁਕਤ ਕਰਨ ਦਾ ਸਫਲ ਤਜਰਬਾ ਕੀਤਾ ਗਿਆ ਹੈ। ਇਸੇ ਤਜਰਬੇ ਨੂੰ ਪੰਜਾਬ ‘ਚ ਲਾਗੂ ਹੋਣ ਤੋਂ ਰੋਕਣ ਲਈ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਤੋਂ ਦੂਰ ਲਿਜਾਇਆ ਗਿਆ। ਉਸੇ ਤਜਰਬੇ ਨੂੰ ਦੁਬਾਰਾ ਪੰਜਾਬ ‘ਚ ਸ਼ੁਰੂ ਕੀਤਾ ਜਾਵੇਗਾ। ਮਨੋਵਿਗਿਆਨਿਕ ਵੀ ਗੁਰੂ ਸਾਹਿਬ ਦੀ ਮਨ ਜੀਤੈ, ਜਗ ਜੀਤ ਦੀ ਅਗਵਾਈ ਨੂੰ ਕਬੂਲ ਕਰਦੇ ਹਨ ਤੇ ਜਿਸ ਨੌਜਵਾਨ ਦਾ ਮਨ ਬਦਲ ਜਾਵੇ ਉਸਦਾ ਸਰੀਰ ਨਸ਼ਿਆਂ ਤੋਂ ਯਕਦਮ ਛੁਟਕਾਰਾ ਪਾ ਲੈਂਦਾ ਹੈ।
ਆਮ ਆਦਮੀ ਪਾਰਟੀ ਸਰਕਾਰ ਦੌਰਾਨ ਨਸ਼ੇ ਰੋਕਣ ਲਈ ਪੰਜਾਬ ‘ਚ ਪਿੰਡ ਪੱਧਰ ‘ਤੇ ਆਪ ਮੁਹਾਰੇ ਕਮੇਟੀਆਂ ਬਣੀਆਂ ਸਨ। ਪੁਲਿਸ ਤੇ ਸਰਕਾਰ ਨੇ ਇੰਨਾਂ ਕਮੇਟੀਆਂ ਨੂੰ ਨਹੀਂ ਚੱਲਣ ਦਿੱਤਾ। ਨਸ਼ਾ ਰੋਕਣ ਦੇ ਮਸਲੇ ‘ਚ ਪਿੰਡਾਂ ਨੂੰ ਖੁਦਮੁਖਤਿਆਰੀ ਦਿੱਤੀ ਜਾਵੇਗੀ। ਇੰਨਾਂ ਕਮੇਟੀਆਂ ‘ਚ ਬੀਬੀਆਂ ਦੀ ਸ਼ਮੂਲੀਅਤ ਹੀ ਨਹੀਂ ਹੋਵੇਗੀ। ਸਗੋਂ ਇਹ ਜਰੂਰੀ ਹੋਵੇਗਾ ਕਿ ਕਮੇਟੀ ਦੀ ਮੁੱਖੀ ਬੀਬੀ ਹੀ ਹੋਵੇ। ਦੁਬਾਰਾ ਕਮੇਟੀਆਂ ਬਣਾਈਆਂ ਜਾਣਗੀਆਂ। ਜਿੰਨਾਂ ਵਿੱਚ ਪਾਰਟੀ ਪੱਧਰ ਤੋਂ ਉੱਠ ਕੇ ਮੋਹਤਬਾਰਾਂ, ਆਮ ਬਾਸ਼ਿੰਦਿਆਂ, ਕਿਸਾਨ ਤੇ ਮਜ਼ਦੂਰ ਯੂਨੀਅਨਾਂ ਦੀ ਸ਼ਮੂਲੀਅਤ ਹੋਵੇਗੀ। ਇਹਨਾਂ ਕਮੇਟੀਆਂ ਨੂੰ ਕਾਨੂੰਨੀ ਪਾਵਰਾਂ ਦੇ ਕੇ ਇਨ੍ਹਾਂ ਦੀ ਕਾਰਵਾਈ ਨੂੰ ਅਸਰਦਾਰ ਬਣਾਇਆ ਜਾਵੇਗਾ।
ਪੁਲਿਸ ਨਸ਼ੇ ਰੋਕਣ ਵਿੱਚ ਫੇਲ ਹੋ ਚੁੱਕੀ ਹੈ। ਇਸ ਕਰਕੇ ਇਕ ਨਵੀਂ ਫੋਰਸ ਬਣਾਈ ਜਾਵੇਗੀ। ਜਿਸ ਵਿਚ ਅਧਿਕਾਰੀ ਨਸ਼ਾ ਸਮੱਗਲਰਾਂ ਅਤੇ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਬਾਰੇ ਵਿਸ਼ੇਸ਼ ਤੌਰ ਤੇ ਟਰੇਂਡ ਕੀਤੇ ਹੋਣਗੇ। ਉਹ ਫੋਰਸ ਪੁਲਿਸ ਦਾ ਹਿੱਸਾ ਨਹੀਂ ਹੋਵੇਗੀ, ਸਗੋਂ ਪੁਲਿਸ ਅਤੇ ਹੋਰ ਫੋਰਸਾਂ ਉਤੇ ਵੀ ਨਿਗਰਾਨੀ ਰੱਖੇਗੀ। ਇਸ ਤਰਾਂ ਨਾਲ ਪੁਲਿਸ ਦਾ ਭਾਰ ਵੀ ਘਟੇਗਾ ਤੇ ਪੁਲਿਸ ਆਮ ਲੋਕਾਂ ਦੇ ਕੰਮ ਬਿਹਤਰ ਢੰਗ ਨਾਲ ਕਰ ਸਕੇਗੀ। ਇਹ ਫੋਰਸ ਸਿੱਧੀ ਮੁੱਖ ਮੰਤਰੀ ਨੂੰ ਰਿਪੋਰਟ ਕਰੇਗੀ।
ਇਕ ਨਸ਼ੇ ਦੇ ਬਦਲ ਵਜੋਂ ਦੂਜੇ ਨਸ਼ੇ ਦਾ ਤਰੀਕਾ ਵੀ ਕਾਰਗਰ ਸਾਬਤ ਨਹੀਂ ਹੋ ਰਿਹਾ। ਪੰਜਾਬ ਦੀ ਕਾਇਆ ਕਲਪ ਕਰਨ ਲਈ ਪ੍ਰਾਪਤ ਨਸ਼ਿਆਂ ਬਾਰੇ ਖੋਜ ਅਤੇ ਰਿਸਰਚ ਕਰਵਾਈ ਜਾਵੇਗੀ ਤਾਂ ਕਿ ਇਨ੍ਹਾਂ ਮਾਰੂ ਨਸ਼ਿਆਂ ਦਾ ਢੁਕਵਾਂ ਹੱਲ ਲੱਭਿਆ ਜਾ ਸਕੇ। ਇਸ ਤਰੀਕੇ ਨਾਲ ਵੱਖ ਵੱਖ ਪੱਧਰ ‘ਤੇ ਨਸ਼ਿਆਂ ਖਿਲਾਫ ਲੜਿਆ ਜਾਵੇਗਾ।
ਅੱਜ ਨਸ਼ੇ ਨਾਲ ਪੇਂਡੂ ਗਰੀਬ ਦਲਿਤ ਅਤੇ ਸ਼ਹਿਰੀ ਗਰੀਬ ਹਿੰਦੂ ਪਰਿਵਾਰਾਂ ਦੀ ਨਸਲਕੁਸ਼ੀ ਸਿਖਰਾਂ ‘ਤੇ ਹੈ। ਕੁਝ ਸਾਲ ਪਹਿਲਾਂ ਤਕ ਨਸ਼ਿਆਂ ਦੇ ਗਲਬੇ ਵਿਚ ਸਿਰਫ ਸਿੱਖ ਕਿਸਾਨੀ ਸੀ। ਅਸੀਂ ਪੰਜਾਬ ਦੇ ਹਰ ਮਾਈ ਭਾਈ ਨੂੰ ਸੁਚੇਤ ਕਰਾਂਗੇ ਕਿ ਇਹ ਲੜਾਈ ਸਿਰਫ ਸਿੱਖਾਂ ਦੀ ਜਾਂ ਕਿਸਾਨਾਂ ਦੀ ਨਹੀਂ।
ਨਸ਼ੇ ਕਰਕੇ ਹੀ ਲੁੱਟ ਖੋਹ, ਬਜਾਰਾਂ ਤੇ ਖੇਤਾਂ ਵਿਚੋਂ ਚੋਰੀਆਂ ਚਕਾਰੀਆਂ ਹੁੰਦੀਆਂ ਹਨ। ਇੱਥੋਂ ਤੱਕ ਕਿ ਫਿਰੌਤੀਆਂ ਮੰਗਣ ਵਾਲਿਆਂ ਨੂੰ ਸਥਾਨਕ ਗੁਰਗੇ ਵੀ ਨਸ਼ੇ ਕਰਨ ਵਾਲਿਆਂ ‘ਚੋਂ ਹੀ ਮਿਲਦੇ ਹਨ। ਇਹ ਉਹ ਲੋਕ ਹੁੰਦੇ ਹਨ ਜਿੰਨਾ ਦਾ ਇੱਕ ਹੀ ਨਿਸ਼ਾਨ ਹੁੰਦਾ ਕਿ ਨਸ਼ੇ ਦੀ ਅਗਲ਼ੀ ਡੋਜ ਲੈਣਾ। ਜਦੋਂ ਨਸ਼ਾ ਕਾਬੂ ਆਵੇਗਾ ਤਾਂ ਜੁਰਮ ਦੀਆਂ ਘਟਨਾਵਾਂ ‘ਚ ਆਪਣੇ ਆਪ ਵੱਡੀ ਕਮੀ ਆ ਜਾਵੇਗੀ।
ਨੌਜਵਾਨਾਂ ਨੂੰ ਚੰਗੇ ਰੁਜਗਾਰ ਦੇ ਮੌਕੇ ਦੇਣ ਦਾ ਹਲਫ ਅਗਲੇ ਡਾਕੂਮੈਂਟ ਵਿਚ ਕੀਤਾ ਜਾਵੇਗਾ, ਜਿਸ ਦਾ ਨਿਸ਼ਾਨਾ ਵੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਾਹਰ ਕੱਢਣਾ ਹੈ।
ਸਾਡਾ ਪਹਿਲਾ ਤੇ ਅੰਤਮ ਭਰੋਸਾ ਗੁਰੂ ਤੇ ਹੈ, ਇਹ ਪੰਜਾਬ ਗੁਰੂ ਦੇ ਨਾਂ ਤੇ ਵਸਦਾ ਹੈ, ਉਸ ਨੂੰ ਆਪਣੇ ਪੰਥ ਪੰਜਾਬ ਦੀ ਫਿਕਰ ਹੈ , ਅਸੀਂ ਸਭ ਨੂੰ ਗੁਰੂ ਦੇ ਹੁਕਮ ਤੇ ਭਾਣੇ ਵਿਚ ਆਉਂਣ ਦਾ ਹੋਕਾ ਦੇਵਾਂਗੇ। ਗੁਰੂ ਆਪ ਬਹੁੜੀ ਕਰੇਗਾ ਤੇ ਪੰਜਾਬ ਨੂੰ ਇਸ ਰੋਗ ਤੋਂ ਮੁਕਤ ਕਰੇਗਾ।